ਪੰਜਾਬੀ ਸਾਹਿਤ ਵਿੱਚ ਸੰਤ ਸਿੰਘ ਸੇਖੋਂ ਬਾਬਾ ਬੋਹੜ ਸ਼ਬਦ ਵਰਤਿਆ ਜਾਂਦਾ ਹੈ । ਸੰਤ ਸਿੰਘ ਸੇਖੋਂ (30 ਮਈ 1908 -7 ਅਕਤੂਬਰ 1997) ਜਿਸਨੇ ਸਾਹਿਤ ਦੇ ਹਰ ਰੂਪ ਵਿਚ ਕਲਾ ਦੀ ਸਫਲ ਪ੍ਰਦਰਸ਼ਨੀ ਕੀਤੀ ਪਰ ਨਾਟਕ ਲੋਕਾਂ ਨਾਲ ਵਿਸ਼ੇਸ਼ ਤੌਰ ’ਤੇ ਜੁੜਿਆ ਹੋਇਆ ਹੋਣ ਕਰਕੇ ਬਾਬਾ ਬੋਹੜ ਨਾਟਕ ਲਈ ਵਧੇਰੇ ਢੁੱਕਵਾਂ ਸ਼ਬਦ ਸੀ। ਇਸ ਲਈ ਸੇਖੋਂ ਸਾਹਿਬ ਨੇ ਬਾਬਾ ਬੋਹੜ ਇਸ ਲਈ ਸ਼ਬਦ ਲਿਖਿਆ।ਬਾਬਾ ਬੋਹੜ ਸੇਖੋਂ ਦਾ ਲਿਖਿਆ ਹੋਇਆ ਇਕ ਬਹੁਤ ਹੀ ਸਫਲ ਕਾਵਿ ਨਾਟਕ ਸੀ ਜਿਸ ਵਿਚ ਪੰਜਾਬ ਦਾ ਸਾਰਾ ਇਤਿਹਾਸ ਪੜ੍ਹਨ ਨੂੰ ਮਿਲਦਾ ਹੈ। ਨਾਟਕ ਬਹੁਤ ਹੀ ਰੌਚਿਕ ਢੰਗ ਨਾਲ ਲਿਖਿਆ ਗਿਆ ਹੈ। ਇਸ ਵਿਚ ਕੁਝ ਲੋਕ ਬੋਹੜ ਦੀ ਸੰਘਣੀ ਛਾਂ ਥੱਲੇ ਬੈਠਦੇ ਹਨ ਤੇ ਉਸ ਨਾਲ ਪੰਜਾਬ ਦੇ ਇਤਿਹਾਸ ਬਾਰੇ ਕੁੱਝ ਸੁਆਲ ਕਰਦੇ ਹਨ ਤੇ ਬਾਬਾ ਉਨ੍ਹਾਂ ਦੇ ਸੁਆਲਾਂ ਦਾ ਸਹੀ-ਸਹੀ ਜੁਆਬ ਦੇਂਦਾ ਹੈ। ਇਹ ਸ਼ਬਦ ਸੇਖੋਂ ਸਾਹਿਬ ਨਾਲ ਇਵੇਂ ਜੁੜ ਗਿਆ ਜਿਵੇਂ ਉਨ੍ਹਾਂ ਦਾ ਇਹ ਉਪਨਾਮ ਹੋਵੇ।
ਜਿੰਨੀ ਬਹਿਸ ਤੇ ਕਲਾ ਨਾਲ ਸਬੰਧਿਤ ਵਿਚਾਰਧਾਰਾ ਉਨ੍ਹਾਂ ਦੇ ਨਾਟਕ ਕਲਾਕਾਰ ਰਾਹੀਂ ਹੋਈ ਉਸ ਨੇ ਪੰਜਾਬੀ ਆਲੋਚਨਾ ਦਾ ਕੱਦ ਹੋਰ ਲੰਮੇਰਾ ਕਰ ਦਿੱਤਾ। ਇਸ ਵਿਚਾਰਧਾਰਾ ਨੇ ਪ੍ਰੋ. ਕਿਸ਼ਨ ਸਿੰਘ ਵਰਗਾ ਧਾਕੜ ਆਲੋਚਕ ਪੰਜਾਬੀ ਨੂੰ ਦਿੱਤਾ।
ਦੂਜਾ ਸ਼ਬਦ ਜੋ ਸੇਖੋਂ ਸਾਹਿਬ ਦੀ ਬੇਹੱਦ ਹਰਮਨ ਪਿਆਰਤਾ ਦਾ ਸਬੂਤ ਬਣਿਆ ੳੇੁਹ ਉਨ੍ਹਾਂ ਦੀ ਅਮਰ ਕਹਾਣੀ ਪ੍ਰੇਮੀ ਦੇ ਨਿਆਣੇ ਹੈ ਜਿਸ ਕਾਰਨ ਗਲੀਆਂ ਵਿਚ ਸਕੂਲ ਦੇ ਬੱਚੇ ਉਨ੍ਹਾਂ ਨੂੰ ਤੁਰਦੇ ਜਾਂਦੇ ਵੀ ਕਹਿ ਦੇਂਦੇ ਕਿ ਉਹ ‘ਪ੍ਰੇਮੀ ਦੇ ਨਿਆਣੇ’ ਲਿਖਣ ਵਾਲਾ ਜਾ ਰਿਹਾ ਹੈ। ਇਹ ਕਹਾਣੀ ਸਕੂਲਾਂ ਦੇ ਸਲੇਬਸਾਂ ਵਿਚ ਸਦਾ ਪਾਠ ਪੁਸਤਕ ਦਾ ਹਿੱਸਾ ਬਣੀ ਰਹੀ ਹੈ|
ਸਤ ਸਿੰਘ ਸੇਖੋਂ ਜਿੱਥੇ ਇਕ ਮਹਾਨ ਮਾਰਕਸਵਾਦੀ ਵਿਚਾਰਾਂ ਦੇ ਵਿਦਵਾਨ ਲਿਖਾਰੀ ਸਨ ਉੱਥੇ ਇਕ ਮੌਲਿਕ ਰਚਨਾਵਾਂ ਦੀ ਸਿਰਜਣਾ ਕਰਨ ਵਾਲੇ ਕਹਾਣੀਕਾਰ, ਨਾਵਲਕਾਰ ਆਲੋਚਕ, ਨਾਟਕਕਾਰ ਵੀ ਸਨ। ਇਨ੍ਹਾਂ ਸਭ ਗੁਣਾਂ ਦੇ ਹੁੰਦਿਆਂ ਉਨ੍ਹਾਂ ਵਿਚ ਹੰਕਾਰ ਨਾ ਮਾਤਰ ਵੀ ਨਹੀਂ ਸੀ। ਜੋ ਕੁੱਝ ਵੀ ਲਿਖਿਆ ਉਸ ਸਮੇਂ ਦੇ ਵਾਤਾਵਰਨ ਦੇ ਅਨੁਕੂਲ ਹੋ ਕੇ ਲਿਖਿਆ। ਉਨ੍ਹਾਂ ਦੇ ਲਿਖੇ ਸਾਹਿਤ ਤੇ ਇਕ ਪੜਚੋਲਵੀ ਨਜ਼ਰ ਮਾਰਨਾ ਬੜੀ ਕਾਰਗਰ ਹੋਵੇਗੀ।
ਸੰਤ ਸਿੰਘ ਸੇਖੋਂ ਤੋਂ ਪਹਿਲਾਂ ਪੰਜਾਬੀ ਕਹਾਣੀ ਕੋਈ ਵਿਕਸਤ ਅਵਸਥਾ ਵਿਚ ਨਹੀਂ ਸੀ ਆਈ। ਉਨ੍ਹਾਂ ਤੋਂ ਪਹਿਲਾਂ ਕਹਾਣੀ ਕੇਵਲ ਵਿਸ਼ੇ ਦੇ ਪੱਖ ਤੋਂ ਕਮਜ਼ੋਰ ਤੇ ਕਹਾਣੀ ਦਾ ਲਿਖਣ ਢੰਗ ਵੀ ਰਵਾਇਤੀ ਕਿਸਮ ਦਾ ਸੀ। ਤਕਨੀਕੀ ਪੱਖ ਤੋਂ ਇਸ ’ਚ ਬਹੁਤ ਸਾਰੀਆਂ ਊਣਤਾਈਆਂ ਸਨ ।
ਕਹਾਣੀ ਦਾ ਆਧੁਨਿਕ ਰੂਪ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਦਲੀਪ ਕੌਰ ਟਿਵਾਣਾ, ਕੁਲਵੰਤ ਸਿੰਘ ਵਿਰਕ, ਗੁਰਦਿਆਲ ਸਿੰਘ, ਪ੍ਰੇਮ ਪ੍ਰਕਾਸ਼ ਦੇ ਪ੍ਰਵੇਸ਼ ਨਾਲ ਇਹ ਰੂਪ ਮਜ਼ਬੂਤ ਹੋਣਾ ਸ਼ੁਰੂ ਹੋਇਆ। ਪਹਿਲਾਂ ਜੋ ਕਹਾਣੀ ਧਾਰਮਿਕ, ਸਦਾਚਾਰਕ ਵਲਗਣਾਂ ਵਿਚ ਘਿਰੀ ਹੋਈ ਸੀ, ਉਸ ਵਿਚ ਸਮਾਜਕ ਅੰਸ਼ ਵੀ ਆਉਣਾ ਸ਼ੁਰੂ ਹੋ ਗਿਆ।
ਸੰਤ ਸਿੰਘ ਸੇਖੋਂ ਨੇ ਸਭ ਤੋਂ ਪਹਿਲਾਂ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਕਹਾਣੀਆਂ ਲਿਖੀਆਂ। ਦੁੱਗਲ ਨੇ ਇਸ ਵਿਚ ਮਨੋਵਿਗਿਆਨ ਦਾ ਅੰਸ਼ ਪਾ ਦਿੱਤਾ। ਸੇਖੋਂ ਸਾਹਿਬ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਪੰਜਾਬੀ ਨਿੱਕੀ ਕਹਾਣੀ ਦੀ ਬੁਨਿਆਦ ਉਨ੍ਹਾਂ ਨੇ ਰੱਖੀ। ਨਾ ਕੇਵਲ ਕਹਾਣੀ ਦਾ ਰੂਪ ਸੰਵਾਰਿਆ ਸਗੋਂ ਨਾਵਲਾਂ ਵਿਚ ਵੀ ਸਮਾਜਵਾਦ ਲਿਆਂਦਾ। ਕਈ ਰਚਨਾਵਾਂ ਦੇ ਨਾਂ ਵੀ ਸਮਾਜਵਾਦ ਤੋਂ ਪ੍ਰੇਰਿਤ ਸਨ ਜਿਵੇਂ ਪ੍ਰਸਿੱਧ ਨਾਵਲ ‘ਲਹੂ ਮਿੱਟੀ’ ਇਸ ਤਰ੍ਹਾਂ ਕਈ ਕਹਾਣੀਆਂ ਦੇ ਨਾਂ ਵੀ ਜਿਵੇਂ ਕਾਮੇ ਤੇ ਯੋਧੇ, ਆਦਿ ਸੇਖੋਂ ਦੀ ਵਿਚਾਰਧਾਰਾ ਨੂੰ ਪ੍ਰਗਟ ਕਰਦੇ ਹਨ। ਸੇਖੋਂ ਸਾਹਿਬ ਦੀਆਂ ਹੁਨਰੀ ਕਹਾਣੀਆਂ ਉਨ੍ਹਾਂ ਦੀਆਂ ਪੁਸਤਕਾਂ ਸਮਾਚਾਰ, ਅੱਧੀ ਵਾਟ, ਤੀਜਾ ਪਹਿਰ ਵਿਚ ਅੰਕਿਤ ਹਨ।
ਸੰਤ ਸਿੰਘ ਸੇਖੋਂ ਨੇ ਜੋ ਕੁੱਝ ਲਿਖਿਆ ਮਾਰਕਸ ਦੇ ਮੁਢਲੇ ਅਸੂਲਾਂ ਅਨੁਸਾਰ ਲਿਖਿਆ ਆਲੋਚਨਾ ਕੀਤੀ । ਸਾਹਿਤਾਰਥ ਉਨ੍ਹਾਂ ਦੀ ਸਾਹਿਤ ਨਾਲ ਜੁੜਨ ਲਈ ਇਕ ਪ੍ਰਸਿੱਧ ਪੁਸਤਕ ਹੈ। 1972 ’ਚ ਉਨ੍ਹਾਂ ਨੂੰ ‘ਮਿੱਤਰ ਪਿਆਰਾ’ ਲਿਖਣ ’ਤੇ ਸਾਹਿਤ ਅਕਾਦਮੀ ਇਨਾਮ ਮਿਲਿਆ।
ਸਰਕਾਰ ਨੇ ਪਦਮਸ੍ਰੀ ਨਾਲ ਨਵਾਜ਼ਿਆ। ‘ਹੱਲ ਵਾਹ’ ਅਤੇ ‘ਪ੍ਰੇਮੀ ਦੇ ਨਿਆਣੇ’ ਉਨ੍ਹਾਂ ਦੀਆਂ ਬਹੁਤ ਚਰਚਿਤ ਕਹਾਣੀਆਂ ਹਨ।
Ravinder Kaur
Indeed true he was a great writer.
ReplyDelete